ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਵਿੱਚ ਜ਼ਮੀਨ ਖਿਸਕਣ ਕਾਰਨ ਸ਼ਿਮਲਾ-ਚੰਡੀਗੜ੍ਹ ਕੌਮੀ ਮਾਰਗ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੋਲਨ ਵਿੱਚ ਪਰਵਾਣੂ ਅਤੇ ਧਰਮਪੁਰ ਵਿਚਾਲੇ ਕੋਠੀ ਨੇੜੇ ਚੱਕੀ ਮੋੜ ਕੋਲ ਜ਼ਮੀਨ ਖਿਸਕਣ ਕਾਰਨ 50 ਮੀਟਰ ਸੜਕ ਪੂਰੀ ਤਰ੍ਹਾਂ ਖ਼ਤਮ ਹੋ ਗਈ ਹੈ। ਕੌਮੀ ਮਾਰਗ ਦੇ ਦੋਵੇਂ ਪਾਸੇ ਆਵਾਜਾਈ ਜਾਮ ਲੱਗਣ ਕਾਰਨ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਹਨ। ਪ੍ਰਸ਼ਾਸਨ ਨੇ ਨੌਂ ਘੰਟਿਆਂ ਦੀ ਮੁਸ਼ੱਕਤ ਮਗਰੋਂ ਹਲਕੇ ਵਾਹਨਾਂ ਲਈ ਇੱਕ ਸਿੰਗਲ ਲੇਨ ਸੜਕ ਖੋਲ੍ਹ ਦਿੱਤੀ ਸਪ ਪਰ ਦੇਰ ਸ਼ਾਮ ਮੀਂਹ ਪੈਣ ਮਗਰੋਂ ਢਿੱਗਾਂ ਡਿੱਗਣ ਕਾਰਨ ਉਸ ਨੂੰ ਮੁੜ ਬੰਦ ਕਰਨਾ ਪਿਆ। ਕੌਮੀ ਮਾਰਗ ’ਤੇ ਆਵਾਜਾਈ ਠੱਪ ਹੋਣ ਕਾਰਨ ਸ਼ਿਮਲਾ ਅਤੇ ਸੋਲਨ ਵਿੱਚ ਜ਼ਰੂਰੀ ਵਸਤਾਂ ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਸੜਕ ਦੇ ਦੋਵੇਂ ਪਾਸੇ ਸੇਬਾਂ ਨਾਲ ਲੱਦੇ ਕਰੀਬ 100 ਤੋਂ ਵੱਧ ਟਰੱਕ ਅਤੇ ਵੱਡੀ ਗਿਣਤੀ ਬੱਸਾਂ ਫਸੀਆਂ ਹੋਈਆਂ ਹਨ।

ਚੰਡੀਗੜ੍ਹ ਤੋਂ ਆਉਣ ਵਾਲੇ ਹਲਕੇ ਵਾਹਨਾਂ ਨੂੰ ਪਰਵਾਣੂ-ਕਸੌਲੀ-ਜੰਗੂਸ਼ੂ ਰੋਡ ਕੁਮਾਰਹੱਟੀ ਰਾਹੀਂ ਰਵਾਨਾ ਕੀਤਾ ਗਿਆ ਹੈ, ਜਦਕਿ ਸੋਲਨ ਤੋਂ ਆਉਣ ਵਾਲੇ ਹੋਰ ਵਾਹਨ ਭੋਗਨਗਰ-ਬਨਾਸਰਕ ਰਾਹੀਂ ਜਾਣਗੇ। ਅਧਿਕਾਰੀ ਨੇ ਦੱਸਿਆ ਕਿ ਕੌਮੀ ਸ਼ਾਹਰਾਹ ਦੀ ਮੁਰੰਮਤ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹੈ। ਸ਼ਿਮਲਾ ਪੁਲੀਸ ਨੇ ਸ਼ਿਮਲਾ ਤੋਂ ਚੰਡੀਗੜ੍ਹ ਜਾਣ ਵਾਲੀ ਆਵਾਜਾਈ ਨੂੰ ਥਿਓਗ-ਸੈਂਜ-ਗਿਰੀਪੁਲ, ਓਚਘਾਟ-ਕੁਮਾਰਹੱਟੀ-ਸਰਾਹਨ-ਕਾਲਾ ਅੰਬ-ਪੰਚਕੂਲਾ ਮਾਰਗ, ਜਦਕਿ ਚੰਡੀਗੜ੍ਹ ਤੋਂ ਜਾਣ ਵਾਲੀ ਹਲਕੇ ਵਾਹਨਾਂ ਦੀ ਆਵਾਜਾਈ ਨੂੰ ਢੇਰੋਵਾਲ-ਨਾਲਾਗੜ੍ਹ-ਪਰਸੇਹਰ-ਕੁਨਿਹਾਰ-ਟੋਟੂ-ਸ਼ਿਮਲਾ ਰਾਹੀਂ ਤਬਦੀਲ ਕੀਤਾ ਗਿਆ ਹੈ। ਇਸੇ ਦੌਰਾਨ ਸ਼ਿਮਲਾ ਸ਼ਹਿਰ ਦੇ ਢੱਲੀ ਵਿੱਚ ਜ਼ਮੀਨ ਖਿਸਕਣ ਕਾਰਨ ਇੱਕ ਇਮਾਰਤ ਅਤੇ ਦੋ ਵਾਹਨ ਨੁਕਸਾਨੇ ਗਏ। ਸਥਾਨਕ ਮੌਸਮ ਵਿਭਾਗ ਨੇ ਸੂਬੇ ਵਿੱਚ ‘ਯੈਲੋ ਅਲਰਟ’ ਜਾਰੀ ਕਰਦਿਆਂ ਤਿੰਨ ਤੋਂ ਛੇ ਅਗਸਤ ਤੱਕ ਭਾਰੀ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ। Punjabi Akhar