ਲੁਧਿਆਣਾ, 24 ਜੁਲਾਈ
ਪੰਥ, ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਜਵਾਨੀ ਨੂੰ ਬਚਾਉਣ ਲਈ ਸਾਂਝਾ ਪ੍ਰੋਗਰਾਮ ਤਿਆਰ ਕਰਨ ਵਾਸਤੇ ਇੱਥੇ ਅੰਬੇਡਕਰ ਭਵਨ ਵਿੱਚ ਮਾਨ ਦਲ ਦੇ ਵਰਕਰਾਂ ਅਤੇ ਹੋਰ ਜਥੇਬੰਦੀਆਂ ਦੇ ਆਗੂਆਂ ਦੀ ਹੋਈ ਮੀਟਿੰਗ ’ਚ ਉਨ੍ਹਾਂ ਵੱਖਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਫਤਹਿ) ਬਣਾਉਣ ਦਾ ਐਲਾਨ ਕੀਤਾ ਹੈ। ਜਥੇਦਾਰ ਜਸਵੰਤ ਸਿੰਘ ਚੀਮਾ ਵੱਲੋਂ ਰੱਖੀ ਗਈ ਮੀਟਿੰਗ ਵਿੱਚ ਸਿਮਰਨਜੀਤ ਸਿੰਘ ਮਾਨ ਨਾਲ ਲੰਮਾ ਸਮਾਂ ਕੰਮ ਕਰਨ ਵਾਲੇ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਵੀ ਹਾਜ਼ਰ ਹੋਏ। ਭਾਈ ਕਾਹਨ ਸਿੰਘ ਵਾਲਾ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਆਪਣੀ ਸਾਰੀ ਜ਼ਿੰਦਗੀ ਅਕਾਲੀ ਦਲ ਮਾਨ ਦੇ ਲੇਖੇ ਲਾ ਦਿੱਤੀ ਪਰ ਪਾਰਟੀ ਨੇ ਉਨ੍ਹਾਂ ਦੀ ਕਦਰ ਨਹੀਂ ਪਾਈ ਅਤੇ ਜ਼ਲੀਲ ਕਰ ਕੇ ਪਾਰਟੀ ’ਚੋਂ ਕੱਢ ਦਿੱਤਾ। ਉਨ੍ਹਾਂ ਦੱਸਿਆ ਕਿ ਉਹ 26 ਜੁਲਾਈ ਨੂੰ ਸਾਥੀਆਂ ਸਮੇਤ ਅਕਾਲ ਤਖ਼ਤ ਸਾਹਿਬ ਨਤਮਸਤਕ ਹੋ ਕੇ ਪੰਥ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨਗੇ। ਇਸ ਮੌਕੇ ਪੰਜਾਬ ਦੇ ਸਾਰੇ ਜ਼ਿਲ੍ਹਾ ਪ੍ਰਧਾਨਾਂ ਅਤੇ ਹੋਰ ਵੱਖ-ਵੱਖ ਅਹੁਦੇਦਾਰਾਂ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਜਸਵੰਤ ਸਿੰਘ ਚੀਮਾ ਨੇ ਕਿਹਾ ਕਿ ਉਹ ਪੰਥਕ ਸਨ ਅਤੇ ਰਹਿਣਗੇ। ਕੁਝ ਪਾਰਟੀ ਵਿਰੋਧੀ ਲੋਕਾਂ ਵੱਲੋਂ ਉਨ੍ਹਾਂ ਨਾਲ ਨਿੱਜੀ ਰੰਜਿਸ਼ ਰੱਖਦਿਆਂ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਮੌਕੇ ਨਵਨੀਤ ਕੁਮਾਰ ਗੋਪੀ, ਚਾਂਦ ਮੁਹੰਮਦ ਬਿੱਟੂ, ਡਾ. ਐੱਚਐੱਸ ਪੰਨੂ, ਮਨਜੀਤ ਸਿੰਘ ਸਿਆਲਕੋਟੀ, ਹਰਮੀਤ ਸਿੰਘ ਭਾਮੀਆਂ, ਲਖਵੀਰ ਸਿੰਘ ਸੋਟੀ, ਅੰਮ੍ਰਿਤਪਾਲ ਸਿੰਘ ਲੌਂਗੋਵਾਲ ਵੀ ਹਾਜ਼ਰ ਸਨ। Punjabi Akhar