ਸੰਗਰੂਰ, 24 ਜੁਲਾਈ
ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ਪਹਿਲਾਂ 218 ਕਰੋੜ ਰੁਪਏ ਤਾਂ ਲੋਕਾਂ ’ਚ ਵੰਡ ਦਿਓ, ਗਿਰਦਾਵਰੀਆਂ ਬਾਅਦ ਵਿਚ ਹੁੰਦੀਆਂ ਰਹਿਣਗੀਆਂ। ਉਨ੍ਹਾਂ ਕਿਹਾ ਕਿ ਹੜ੍ਹਾਂ ਦਾ ਪਾਣੀ ਤਾਂ ਛੇ ਮਹੀਨੇ ਨਹੀਂ ਸੁੱਕਣਾ, ਉਹ ਗਿਰਦਾਵਰੀਆਂ ਕਦੋਂ ਕਰਾਉਣਗੇ। ਜਾਖੜ ਅੱਜ ਘੱਗਰ ਦੀ ਮਾਰ ਹੇਠ ਆਏ ਮੂਨਕ ਤੇ ਖਨੌਰੀ ਦੇ ਹੜ੍ਹ ਪ੍ਰਭਾਵਿਤ ਇਲਾਕੇ ’ਚ ਹਾਲਾਤ ਦਾ ਜਾਇਜ਼ਾ ਲੈਣ ਮਗਰੋਂ ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ।
ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਦੇ ਆਪਣੇ ਜ਼ਿਲ੍ਹੇ ਦੇ ਪਿੰਡਾਂ ’ਚ ਅਜੇ ਵੀ ਗੋਡੇ-ਗੋਡੇ ਪਾਣੀ ਖੜ੍ਹਾ ਹੈ ਅਤੇ ਕਰੀਬ 47 ਹਜ਼ਾਰ ਏਕੜ ਰਕਬਾ ਪਾਣੀ ਦੀ ਲਪੇਟ ਵਿਚ ਹੈ। ਇਹੋ ਜਿਹੇ ਹਾਲਾਤ ਵਿੱਚ ਮੱਕੀ, ਮੂੰਗੀ ਅਤੇ ਹੋਰ ਫਸਲਾਂ ਦੀ ਗੱਲ ਛੱਡੋ, ਕਣਕ ਦੀ ਬਿਜਾਈ ਵੀ ਨਹੀਂ ਹੋਣੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਾਵੇਂ ਵੱਖ ਵੱਖ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜਾ ਰਹੇ ਹਨ ਪਰ ਉਨ੍ਹਾਂ ਆਪਣਾ ਜ਼ਿਲ੍ਹਾ ਵਿਸਾਰ ਦਿੱਤਾ ਹੈ।
ਜਾਖੜ ਨੇ ਕਿਹਾ ਕਿ ਉਹ ਮੁੱਖ ਮੰਤਰੀ ਤੋਂ 218 ਕਰੋੜ ਰੁਪਏ ਦਾ ਹਿਸਾਬ ਨਹੀਂ ਮੰਗਦੇ, ਇਹ ਹਿਸਾਬ ਤਾਂ ਲੋਕ ਖੁਦ ਲੈ ਲੈਣਗੇ ਪਰ ਉਹ ਸਰਕਾਰ ਦੀ ਕਾਰਗੁਜ਼ਾਰੀ ਦਾ ਹਿਸਾਬ ਮੰਗਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਹੜ੍ਹਾਂ ਤੋਂ ਬਚਾਅ ਲਈ ਪੁਖਤਾ ਪ੍ਰਬੰਧ ਕਰਨ ’ਚ ਸਰਕਾਰ ਨੇ ਅਣਗਹਿਲੀ ਵਰਤੀ ਹੈ।
ਮੀਡੀਆ ਵੱਲੋਂ ਪੁੱਛੇ ਸਵਾਲਾਂ ਦਾ ਜਵਾਬ ਦਿੰਦਿਆਂ ਜਾਖੜ ਨੇ ਕਿਹਾ ਕਿ ਮਨੀਪੁਰ ਦੀ ਘਟਨਾ ’ਤੇ ਭਾਜਪਾ ਚੁੱਪ ਨਹੀਂ ਹੈ। ਉਹ ਮਨੀਪੁਰ ’ਚ ਵਾਪਰੀ ਸ਼ਰਮਨਾਕ ਘਟਨਾ ਦੀ ਨਿਖੇਧੀ ਕਰਦੇ ਹਨ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ’ਚ ਹਰਿਆਣਾ ਨੂੰ ਕੋਈ ਜਗਾਹ ਨਹੀਂ ਦੇਣ ਦਿਆਂਗੇ। ਚੰਡੀਗੜ੍ਹ ਪੰਜਾਬ ਦਾ ਹੈ, ਕਿਸੇ ਨੂੰ ਚਿੰਤਾ ਕਰਨ ਦੀ ਲੋੜ ਨਹੀਂ।
‘ਅਸ਼ਵਨੀ ਸ਼ਰਮਾ ਕਿਸੇ ਨਾਲ ਨਾਰਾਜ਼ ਨਹੀਂ’
ਸੁਨੀਲ ਜਾਖੜ ਨੇ ਕਿਹਾ ਕਿ ਭਾਜਪਾ ਆਗੂ ਅਸ਼ਵਨੀ ਸ਼ਰਮਾ ਨਾਰਾਜ਼ ਨਹੀਂ ਹਨ। ਜੇ ਕਿਸੇ ਵੀ ਆਗੂ ਦਾ ਕਿਸੇ ਕਿਸਮ ਦਾ ਵੀ ਗਿਲਾ-ਸ਼ਿਕਵਾ ਹੋਵੇਗਾ, ਉਹ ਦੂਰ ਕਰ ਲਿਆ ਜਾਵੇਗਾ। ਅਕਾਲੀਆਂ ਨਾਲ ਚੋਣ ਗੱਠਜੋੜ ਹੋਣ ਬਾਰੇ ਜਾਖੜ ਨੇ ਕਿਹਾ ਕਿ ਪਾਰਟੀ ਨੇ ਉਨ੍ਹਾਂ ਨੂੰ ਗੱਠਜੋੜ ਦੀ ਜ਼ਿੰਮੇਵਾਰੀ ਨਹੀਂ ਦਿੱਤੀ। ਇਸ ਬਾਰੇ ਫ਼ੈਸਲਾ ਹਾਈਕਮਾਨ ਲਵੇਗੀ।
ਸਰਕਾਰ ਦੀ ਢਿੱਲ ਕਾਰਨ ਹੜ੍ਹ ਆਏ: ਜਾਖੜ
ਪਾਤੜਾਂ (ਪੱਤਰ ਪ੍ਰੇਰਕ): ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਇੱਥੇ ਕਿਹਾ ਭਗਵੰਤ ਮਾਨ ਸਰਕਾਰ ਵੱਲੋਂ ਦਿਖਾਈ ਗਈ ਢਿੱਲ-ਮੱਠ ਅਤੇ ਸਮੇਂ ਸਿਰ ਬਚਾਅ ਦੇ ਪੁਖਤਾ ਪ੍ਰਬੰਧ ਨਾ ਕੀਤੇ ਜਾਣ ਕਰਕੇ ਸੂਬੇ ਵਿੱਚ ਇਹ ਹੜ੍ਹ ਆਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਵੱਲੋਂ ਹੜ੍ਹ ਪੀੜਤਾਂ ਦੀ ਸੁਚਾਰੂ ਢੰਗ ਨਾਲ ਮਦਦ ਵੀ ਨਹੀਂ ਕੀਤੀ ਜਾ ਰਹੀ। ਸ੍ਰੀ ਜਾਖੜ ਦੇ ਅੱਜ ਇੱਥੇ ਪਹਿਲੀ ਵਾਰ ਪਾਤੜਾਂ ਪਹੁੰਚਣ ’ਤੇ ਪਾਰਟੀ ਅਹੁਦੇਦਾਰਾਂ ਤੇ ਵਰਕਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਉਹ ਸੰਗਰੂਰ ਜ਼ਿਲ੍ਹੇ ਦੇ ਹੜ੍ਹ ਪੀੜਤ ਇਲਾਕਿਆਂ ਦਾ ਜਾਇਜ਼ਾ ਲੈਣ ਲਈ ਜਾ ਰਹੇ ਸਨ। ਸ੍ਰੀ ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਕਦਮੀ ਕਰਦਿਆਂ ਹੜ੍ਹਾਂ ਲਈ ਫੰਡ ਪੰਜਾਬ ਸਰਕਾਰ ਨੂੰ ਭੇਜੇ ਸਨ, ਪਰ ਸਰਕਾਰ ਉਸ ਨੂੰ ਸੁਚਾਰੂ ਢੰਗ ਨਾਲ ਖ਼ਰਚ ਕਰਨ ’ਚ ਨਾਕਾਮ ਰਹੀ ਹੈ। Punjabi Akhar