ਡੇਰਾ ਬਾਬਾ ਨਾਨਕ (ਗੁਰਦਾਸਪੁਰ), 21 ਜੂਨ ( ਬਿਊਰੋ ) – 9ਵੇਂ ਕੌਮਾਂਤਰੀ ਯੋਗ ਦਿਵਸ ਮੌਕੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਵਿਖੇ ਜ਼ਿਲ੍ਹਾ ਪੱਧਰੀ ਯੋਗ ਸਮਾਗਮ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਕੌਮਾਂਤਰੀ ਯੋਗ ਦਿਵਸ ਸਬੰਧੀ ਅੱਜ ਸਵੇਰੇ 6:00 ਵਜੇ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਖੂਬਸੂਰਤ ਵਿਹੜੇ ਵਿੱਚ ਲਗਾਏ ਵਿਸ਼ੇਸ਼ ਯੋਗਾ ਕੈਂਪ ’ਚ ਵੱਡੀ ਗਿਣਤੀ ’ਚ ਜ਼ਿਲ੍ਹਾ ਪ੍ਰਸ਼ਾਸਨ, ਲੈਂਡ ਪੋਰਟ ਅਥਾਰਟੀ ਦੇ ਅਧਿਕਾਰੀ ਤੇ ਕਰਮਚਾਰੀ, ਬੀ.ਐੱਸ.ਐੱਫ. ਦੇ ਅਧਿਕਾਰੀ ਤੇ ਜਵਾਨ, ਡੇਰਾ ਬਾਬਾ ਨਾਨਕ ਦੇ ਵਸਨੀਕ ਅਤੇ ਸਕੂਲੀ ਵਿਦਿਆਰਥੀ ਸ਼ਾਮਲ ਹੋਏ। ਇਸ ਜ਼ਿਲ੍ਹਾ ਪੱਧਰੀ ਯੋਗ ਸਾਮਗਮ ਨੂੰ ਸਫਲ ਬਣਾਉਣ ਵਿੱਚ ਆਯੂਰਵੈਦਿਕ ਵਿਭਾਗ, ਜ਼ਿਲ੍ਹਾ ਹੈਰੀਟੇਜ ਸੁਸਾਇਟੀ ਅਤੇ ਆਈ.ਸੀ.ਆਈ.ਸੀ.ਆਈ. ਬੈਂਕ ਦਾ ਵਿਸ਼ੇਸ਼ ਯੋਗਦਾਨ ਰਿਹਾ।
ਸਰਕਾਰੀ ਆਯੂਰਵੈਦਿਕ ਡਾਕਟਰ ਨਵਦੀਪ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੈਂਪ ਵਿੱਚ ਹਾਜ਼ਰ ਵਿਅਕਤੀਆਂ ਨੂੰ ਯੋਗ ਦੀ ਮਹੱਤਤਾ ਬਾਰੇ ਵਿਸਥਾਰ ਵਿੱਚ ਦੱਸਿਆ ਗਿਆ ਅਤੇ ਨਾਲ ਹੀ ਯੋਗਾ ਦੇ ਵੱਖ-ਵੱਖ ਆਸਣ ਕਰਵਾਏ ਗਏ। ਇਸ ਮੌਕੇ ਸਰਕਾਰੀ ਹਾਈ ਸਕੂਲ ਹਿਯਾਤਨਗਰ ਦੀਆਂ ਵਿਦਿਆਰਥਣਾਂ ਵੱਲੋਂ ਵੀ ਯੋਗ ਆਸਣਾ ਸਬੰਧੀ ਆਪਣੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ।
ਕੌਮਾਂਤਰੀ ਯੋਗ ਦਿਵਸ ਦੀ ਮਹੱਤਤਾ ਦੱਸਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਯੋਗਾ ਸਾਡੀ ਪ੍ਰਾਚੀਨ ਪਰੰਪਰਾ ਤੋਂ ਪ੍ਰਾਪਤ ਅਨਮੋਲ ਤੋਹਫਾ ਹੈ। ਉਨਾਂ ਕਿਹਾ ਕਿ ਯੋਗ ਮਨ ਅਤੇ ਸਰੀਰ, ਸੰਜਮ ਤੇ ਪੂਰਤੀ, ਵਿਅਕਤੀ ਅਤੇ ਕੁਦਰਤ ਵਿਚਲੇ ਸੁਮੇਲ, ਵਿਚਾਰ ਅਤੇ ਕਾਰਜ ਦੀ ਏਕਤਾ ਦਾ ਪ੍ਰਗਟਾਵਾ ਕਰਦਾ ਹੈ, ਜੋ ਸਾਡੀ ਸਿਹਤ ਅਤੇ ਭਲਾਈ ਲਈ ਕੀਮਤੀ ਹੈ। ਉਨਾਂ ਕਿਹਾ ਕਿ ਯੋਗਾ ਕੇਵਲ ਅਭਿਆਸ ਹੀ ਨਹੀਂ, ਸਗੋਂ ਇਹ ਆਪਣੇ-ਆਪ ਵਿਚ ਸੰਸਾਰ, ਆਤਮ ਭਾਲ ਦੀ ਭਾਵਨਾ ਨੂੰ ਖੋਜਣ ਦਾ ਇੱਕ ਬੇਹਤਰੀਨ ਤਰੀਕਾ ਹੈ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਅਜੋਕੀ ਭੱਜ-ਦੌੜ ਦੀ ਜ਼ਿੰਦਗੀ ਵਿੱਚ ਸਾਨੂੰ ਰੋਜ਼ਾਨਾਂ ਇੱਕ ਘੰਟਾ ਆਪਣੇ ਲਈ ਜਰੂਰ ਕੱਢਣਾ ਚਾਹੀਦਾ ਹੈ। ਉਨਾਂ ਕਿਹਾ ਕਿ ਅਸੀਂ ਆਪਣੇ ਰੋਜ਼ਾਨਾਂ ਜੀਵਨ ਵਿੱਚ ਯੋਗਾ ਜਾਂ ਇਸ ਵਰਗੀ ਕੋਈ ਹੋਰ ਗਤੀਵਿਧੀ ਨੂੰ ਸ਼ਾਮਲ ਕਰਕੇ ਤੰਦਰੁਸਤ ਜੀਵਨ ਬਸਰ ਕਰ ਸਕਦੇ ਹਾਂ।
ਇਸ ਯੋਗ ਕੈਂਪ ਵਿੱਚ ਆਈ.ਸੀ.ਆਈ.ਸੀ.ਆਈ. ਬੈਂਕ ਅਤੇ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸ ਦੌਰਾਨ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸਮਾਗਮ ਦੀ ਸਫਲਤਾ ਵਿੱਚ ਯੋਗਦਾਨ ਪਾਉਣ ਵਾਲੇ ਅਧਿਕਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫ਼ਸਰ ਡਾ. ਪ੍ਰਦੀਪ ਸਿੰਘ ਨੇ ਸਮਾਗਮ ਦੀ ਸਫਲਤਾ ਲਈ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਲੈਂਡ ਪੋਰਟ ਅਥਾਰਟੀ ਦੇ ਜੀ.ਐੱਮ. ਸ੍ਰੀ ਟੀ.ਆਰ. ਸ਼ਰਮਾਂ, ਸਹਾਇਕ ਮੈਨੇਜਰ ਸ੍ਰੀ ਮਨਜੀਤ ਸਿੰਘ, ਬੀ.ਐੱਸ.ਐੱਫ. ਦੇ ਕਮਾਂਡੇਟ ਐੱਸ.ਐੱਸ. ਗਰਚਾ, ਸਹਾਇਕ ਕਮਾਂਡੈਂਟ ਸ੍ਰੀ ਐੱਨ. ਕੇ ਵਰਮਾ, ਸਹਾਇਕ ਕਮਿਸ਼ਨਰ (ਜ) ਸ੍ਰੀ ਸਚਿਨ ਪਾਠਕ, ਐੱਸ.ਡੀ.ਐੱਮ. ਡੇਰਾ ਬਾਬਾ ਨਾਨਕ ਸ੍ਰੀ ਅਸ਼ਵਨੀ ਅਰੋੜਾ, ਉੱਘੇ ਜਨਤਕ ਆਗੂ ਸ. ਗੁਰਦੀਪ ਸਿੰਘ ਰੰਧਾਵਾ, ਸਿਵਲ ਸਰਜਨ ਡਾ. ਹਰਭਜਨ ਰਾਮ ਮਾਂਡੀ, ਮੁੱਖ ਖੇਤੀਬਾੜੀ ਅਫ਼ਸਰ ਸ. ਕ੍ਰਿਪਾਲ ਸਿੰਘ ਢਿਲੋਂ, ਡਿਪਟੀ ਡਾਇਰੈਕਟਰ ਡਾ. ਸ਼ਾਮ ਸਿੰਘ, ਜ਼ਿਲ੍ਹਾ ਭੂਮੀ ਰੱਖਿਆ ਅਫ਼ਸਰ ਸ. ਹਰਚਰਨ ਸਿੰਘ ਕੰਗ, ਜ਼ਿਲ੍ਹਾ ਹੈਰੀਟੇਜ ਸੁਸਾਇਟੀ ਦੇ ਸਕੱਤਰ ਪ੍ਰੋ. ਰਾਜ ਕੁਮਾਰ ਸ਼ਰਮਾਂ, ਡਾ. ਹਰਿੰਦਰ ਸਿੰਘ, ਡਾ. ਅਸ਼ੋਕ ਕੁਮਾਰ, ਡਾ. ਰਮਨ ਸਗੋਤਰਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬੀ.ਐੱਸ.ਐੱਫ. ਦੇ ਜਵਾਨ, ਸਕੂਲੀ ਵਿਦਿਆਰਥੀ ਅਤੇ ਡੇਰਾ ਬਾਬਾ ਨਾਨਕ ਦੇ ਵਾਸੀ ਹਾਜ਼ਰ ਸਨ।