ਸ੍ਰੀ ਹਰਗੋਬਿੰਦਪੁਰ ਸਾਹਿਬ (ਬਟਾਲਾ), 24 ਅਪ੍ਰੈਲ ( ਬਿਊਰੋ ) ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਵਿਧਾਇਕ ਐਡਵੋਕੈਟ ਅਮਰਪਾਲ ਸਿੰਘ ਕਿਸ਼ਨਕੋਟ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਿਥੇ ਵਿਕਾਸ ਕਾਰਜ ਤੇਜ਼ੀ ਨਾਲ ਕਰਵਾਏ ਜਾ ਰਹੇ ਹਨ, ਉਸਦੇ ਨਾਲ ਲੋਕਪੱਖੀ ਭਲਾਈ ਸਕੀਮਾਂ ਦਾ ਲਾਭ ਹੇਠਲੇ ਤੱਕ ਪੁਜਦਾ ਕਰਨ ਨੂੰ ਯਕੀਨੀ ਬਣਾਇਆ ਗਿਆ ਹੈ। ਉਨਾਂ ਅੱਜ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਰਾਹੀਂ ਨਿਪਟਾਰਾ ਕਰਦਿਆਂ ਕਿਹਾ ਕਿ ਲੋਕ ਭਲਾਈ ਸਕੀਮਾਂ ਦਾ ਲਾਭ ਹੇਠਲੇ ਪੱਧਰ ਤੱਕ ਪੁਜਦਾ ਕਰਨ ਨੂੰ ਯਕੀਨੀ ਬਣਾਇਆ ਜਾਵੇ।
ਵਿਧਾਇਕ ਐਡਵੋਕੈਟ ਅਮਰਪਾਲ ਸਿੰਘ ਕਿਸ਼ਨਕੋਟ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ, ਲੋਕਾਂ ਦੇ ਸਰਬਪੱਖੀ ਵਿਕਾਸ ਤੇ ਭਲਾਈ ਸਕੀਮਾਂ ਦਾ ਲਾਭ ਪਾਰਦਰਸ਼ੀ ਢੰਗ ਨਾਲ ਦੇਣ ਲਈ ਵਚਨਬੱਧ ਹੈ। ਉਨਾਂ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਬਿਹਤਰ ਸਿਹਤ ਸੁਵਿਧਾਵਾਂ ਲਈ ਖੋਲ੍ਹੇ ਗਏ ਆਮ ਆਦਮੀ ਕਲੀਨਿਕਾਂ ਦੀ ਗੱਲ ਕਰਦਿਆਂ ਕਿਹਾ ਕਿ ਆਮ ਆਦਮੀ ਕਲੀਨਿਕ ਮਰੀਜਾਂ ਲਈ ਵਰਦਾਨ ਸਾਬਤ ਹੋਏ ਹਨ, ਜਿਥੇ ਮਰੀਜਾਂ ਦੇ ਮੁਫਤ ਟੈਸਟ ਕਰਕੇ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਮਰੀਜ਼ ਹੁਣ ਆਪਣੀਆਂ ਸਿਹਤ ਸਮੱਸਿਆਵਾਂ ਬਾਰੇ ਆਪਣੇ ਘਰਾਂ ਨੇੜੇ ਬਣੇ ਆਮ ਆਦਮੀ ਕਲੀਨਿਕ ਤੋਂ ਇਲਾਜ ਕਰਵਾ ਕੇ ਸਿਹਤਮੰਦ ਜੀਵਨ ਜੀਅ ਰਹੇ ਹਨ।
ਇਤਿਹਾਸਕ ਤੇ ਧਾਰਮਿਕ ਕਸਬਾ ਸ੍ਰੀ ਹਰਗੋਬਿੰਦਪੁਰ ਸਾਹਿਬ ਹਲਕੇ ਦੇ ਵਿਕਾਸ ਦੀ ਗੱਲ ਕਰਦਿਆਂ ਉਨਾਂ ਕਿਹਾ ਕਿ ਹਲਕੇ ਅੰਦਰ ਵਿਕਾਸ ਕੰਮ ਤੇਜ਼ੀ ਨਾਲ ਚੱਲ ਰਹੇ ਹਨ ਅਤੇ ਮਹਿਜ ਇੱਕ ਸਾਲ ਦੇ ਅੰਦਰ ਕਰੋੜਾਂ ਰੁਪਏ ਦੇ ਵਿਕਾਸ ਕੰਮ ਕਰਵਾਏ ਜਾ ਚੁੱਕੇ ਹਨ। ਉਨਾਂ ਕਿਹਾ ਕਿ ਪਿੰਡਾਂ ਅੰਦਰ ਖੇਡ ਸਟੇਡੀਅਮ, ਪਾਰਕ, ਗੰਦੇ ਪਾਣੀ ਦੇ ਨਿਕਾਸੀ ਦੇ ਕੰਮ, ਗਲੀਆਂ ਤੇ ਨਾਲੀਆਂ ਦੀ ਉਸਾਰੀ ਤੋਂ ਇਲਾਵਾ ਵੱਖ-ਵੱਖ ਵਿਕਾਸ ਕੰਮਾਂ ਕੀਤੇ ਜਾ ਰਹੇ ਹਨ ਅਤੇ ਪਿੰਡਾਂ ਦਾ ਚਹੁਪੱਖੀ ਵਿਕਾਸ ਕੰਮ ਕਰਵਾਉਣ ਵਿੱਚ ਕੋਈ ਢਿੱਲਮੱਠ ਨਹੀਂ ਵਰਤੀ ਜਾਵੇਗੀ।